ਨਾਭਾ ਪੰਚਾਇਤ ਸਮਿਤੀ ਵੱਲੋ 4.8 ਕਰੋੜ ਦਾ ਬਜਟ ਪਾਸ

ਨਾਭਾ ਤਹਿਸੀਲ ਹੇਠ ਆਉਂਦੇ 172 ਪੰਚਾਇਤਾਂ ਦੀ ਬਲਾਕ ਪੰਚਾਇਤ ਸਮਿਤੀ ਵੱਲੋਂ ਆਉਂਦੇ ਵਿੱਤੀ ਸਾਲ ਵਿਚ 4.8 ਕਰੋੜ ਦੇ ਖਰਚ ਦਾ ਬਜਟ ਪਾਸ ਕੀਤਾ ਗਿਆ। ਬਲਾਕ ਸਮਿਤੀ ਚੇਅਰਮੈਨ ਇੱਛਿਆਮਾਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸਮਿਤੀ ਮੈਂਬਰਾਂ ਦੀ ਮੀਟਿੰਗ ਵਿਚ ਪਾਸ ਕੀਤੇ ਇਸ ਬਜਟ ਅਨੁਸਾਰ 33 ਪੰਚਾਇਤ ਸਕੱਤਰਾਂ, ਸਟਾਫ ਅਤੇ ਠੇਕੇ ’ਤੇ ਭਰਤੀ ਕਰਮਚਾਰੀਆਂ ਦੀ ਤਨਖਾਹ ਅਤੇ ਸੇਵਾਮੁਕਤ ਲਾਭ ’ਤੇ ਲਗਪਗ 3.2 ਕਰੋੜ ਰੁਪਏ ਖਰਚ ਹੋਣਗੇ। 21.5 ਲੱਖ ਰੁਪਏ ਸਮਿਤੀ ਦੀ ਇਮਾਰਤ ਦੀ ਮੁਰੰਮਤ, ਨਵੀਂ ਜੀਪ ਦੀ ਖਰੀਦ ਲਈ 10 ਲੱਖ, ਪੰਚਾਇਤਾਂ ਲਈ ਰਿਕਾਰਡ ਦੀ ਖਰੀਦ ’ਤੇ 15 ਲੱਖ, ਦਫ਼ਤਰੀ ਖਰਚ ’ਤੇ 17 ਲੱਖ ਤੋਂ ਇਲਾਵਾ ਸਮਿਤੀ ਗ੍ਰਾਮ ਪੰਚਾਇਤਾਂ ਦੇ ਕੋਰਟ ਕੇਸਾਂ ਉੱਪਰ ਸੱਤ ਲੱਖ ਰੁਪਏ ਖਰਚ ਲਈ ਰੱਖੇ ਗਏ ਹਨ।

ਇਸ ਤੋਂ ਇਲਾਵਾ ਪੰਚਾਇਤ ਸਮਿਤੀ ਮੈਂਬਰ, ਜ਼ਿਲਾ ਪਰਿਸ਼ਦ ਮੈਂਬਰ ਅਤੇ ਸਰਪੰਚਾਂ ਦੇ ਸਿਖਲਾਈ ਟੂਰ ’ਤੇ ਛੇ ਲੱਖ ਰੁਪਏ ਰੱਖੇ ਗਏ ਹਨ। ਸਮਿਤੀ ਦੀ ਆਮਦਨ ਦਾ ਮੁੱਖ ਸੋਮਾ ਸ਼ਾਮਲਾਟ ਜ਼ਮੀਨਾਂ ਦੀ ਬੋਲੀ ਦੀ ਰਕਮ ਦਾ 30 ਫ਼ੀਸਦ ਹਿੱਸਾ ਹੈ, ਜੋ ਕਿ ਆਉਂਦੇ ਸਾਲ ਵਿਚ 3.12 ਕਰੋੜ ਰੁਪਏ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਸਾਲ 2019-20 ਤੱਕ ਪਿੰਡਾਂ ਤੋਂ ਇਹ ਹਿੱਸਾ 20 ਫ਼ੀਸਦ ਲਿਆ ਜਾਂਦਾ ਸੀ। ਕੰਟੀਜੈਂਸੀ ਫੰਡ ਵਿੱਚੋਂ 25 ਲੱਖ, ਗ੍ਰਾਮ ਪੰਚਾਇਤਾਂ ਜਾ ਕਰਮਚਾਰੀਆਂ ਨੂੰ ਕਰਜ਼ੇ ਵਿੱਚੋਂ ਅੱਠ ਲੱਖ ਦੀ ਆਮਦਨ ਦਾ ਅੰਦਾਜ਼ਾ ਰੱਖਿਆ ਗਿਆ ਹੈ। 14ਵੇਂ ਵਿੱਤ ਕਮਿਸ਼ਨ ਦੀ ਕੰਟੀਜੈਂਸੀ ਵਿੱਚੋਂ 15 ਲੱਖ ਆਉਣਗੇ ਜੋ ਕਿ ਕੰਪਿਊਟਰ ਅਪਰੇਟਰਾਂ ਦੀ ਤਨਖਾਹਾਂ ਤੇ ਸਟੇਸ਼ਨਰੀ ਉੱਪਰ ਖਰਚ ਹੋਣਗੇ। ਤਨਖਾਹਾਂ ਦਾ ਖਰਚ ਪੂਰਾ ਨਾ ਹੋਣ ਦੀ ਸੂਰਤ ਵਿਚ ਸ਼ਰਾਬ ਟੈਕਸ ਵਿਚੋਂ 95 ਲੱਖ ਲੈਣ ਦੀ ਤਜ਼ਵੀਜ਼ ਰੱਖੀ ਗਈ ਹੈ ਪਰ ਨਾਭਾ ਸਮਿਤੀ ਨੂੰ ਪਿਛਲੇ ਕਿੰਨੇ ਹੀ ਸਾਲਾਂ ਤੋਂ ਸ਼ਰਾਬ ਟੈਕਸ ਵਿੱਚੋਂ ਪੈਸੇ ਲੈਣ ਦੀ ਜ਼ਰੂਰਤ ਨਹੀਂ ਪਈ।

%d bloggers like this: