ਮੰਗਲ-ਦੋਸ਼ ਦੂਰ ਕਰਨ ਲਈ 13 ਸਾਲਾ ਲੜਕੇ ਨਾਲ ਕਰਵਾਇਆ ‘ਵਿਆਹ’

ਜਲੰਧਰ, 17 ਮਾਰਚ / ਇੱਥੋਂ ਦੇ ਬਸਤੀ ਬਾਵਾ ਖੇਲ ਦੇ ਇਲਾਕੇ ਵਿੱਚ ਇੱਕ ਮੰਗਲੀਕ ਲੜਕੀ ਦੇ ਵਿਆਹ ਵਿੱਚ ਆ ਰਹੇ ਮੰਗਲ-ਦੋਸ਼ ਦੇ ਅੜਿੱਕੇ ਨੂੰ ਦੂਰ ਕਰਨ ਲਈ ਇੱਕ 13 ਸਾਲਾ ਨਾਬਾਲਗ ਮੁੰਡੇ ਨਾਲ ਵਿਆਹ ਕਰ ਦਿੱਤਾ ਗਿਆ ਤੇ ਬਾਅਦ ਵਿੱਚ ਪੰਡਿਤ ਦੇ ਦੱਸੇ ਉਪਾਅ ਅਨੁਸਾਰ ਲੜਕੀ ਨੇ ਵਿਧਵਾ ਹੋਣ ਦਾ ਨਾਟਕ ਕਰਦਿਆਂ ਆਪਣੀਆਂ ਵੰਗਾਂ ਭੰਨੀਆਂ ਤੇ ਘਰ ਵਿੱਚ ਮਾਤਮ ਮਨਾਇਆ ਗਿਆ। ਇਸ ਗੱਲ ਦਾ ਭੇਦ ਉਦੋਂ ਖੁੱਲ੍ਹਾ ਜਦੋਂ ਵਿਆਹ ਕਰਵਾਉਣ ਵਾਲੇ 13 ਸਾਲਾ ਬੱਚੇ ਨੇ ਸਾਰੀ ਘਟਨਾ ਬਾਰੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ। ਇਸ ਬੱਚੇ ਨੂੰ ਵਿਆਹ ਕਰਵਾਉਣ ਵਾਲੀ ਲੜਕੀ ਮੁਫ਼ਤ ਵਿੱਚ ਟਿਊਸ਼ਨ ਪੜ੍ਹਾਉਂਦੀ ਸੀ।

ਬੱਚੇ ਵੱਲੋਂ ਦੱਸੀ ਘਟਨਾ ਕਾਰਨ ਉਸ ਦੇ ਮਾਂ-ਬਾਪ ਘਬਰਾ ਗਏ ਕਿ ਕਿਧਰੇ ਉਨ੍ਹਾਂ ਦੇ ਪੁੱਤਰ ਨੂੰ ਲੜਕੀ ਵਾਲਿਆਂ ਨੇ ਕੋਈ ਜਾਦੂ-ਟੂਣਾ ਹੀ ਨਾ ਕਰ ਦਿੱਤਾ ਹੋਵੇ। ਉਨ੍ਹਾਂ ਨੇ ਥਾਣਾ ਬਸਤੀ ਬਾਵਾ ਖੇਲ ਵਿੱਚ ਸ਼ਿਕਾਇਤ ਕਰ ਦਿੱਤੀ। ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਕਿ ਨਾਬਾਲਗ ਲੜਕੇ ਦਾ ਵਿਆਹ ਉਨ੍ਹਾਂ ਦੇ ਇਲਾਕੇ ਵਿੱਚ ਹੋ ਗਿਆ। ਪੁਲੀਸ ਨੇ ਲੜਕੀ ਵਾਲਿਆਂ ਨੂੰ ਵੀ ਥਾਣੇ ਸੱਦਿਆ ਤਾਂ ਇਹ ਭੇਦ ਖੁੱਲ੍ਹਾ ਕਿ ਲੜਕੀ ਮੰਗਲੀਕ ਹੋਣ ਕਾਰਨ ਉਸ ਦਾ ਵਿਆਹ ਨਹੀਂ ਸੀ ਹੋ ਰਿਹਾ ਤਾਂ ਪੰਡਤ ਨੇ ਮੰਗਲਦੋਸ਼ ਦੂਰ ਕਰਨ ਲਈ ਇੱਕ ਨਕਲੀ ਵਿਆਹ ਅਸਲੀ ਵਾਂਗ ਕਰਨ ਦਾ ਉਪਾਅ ਦੱਸਿਆ ਸੀ। ਇਸੇ ਕਰਕੇ ਇਹ ਸਾਰਾ ਕੁਝ ਕੀਤਾ ਗਿਆ। ਥਾਣਾ ਬਸਤੀ ਬਾਵਾ ਖੇਲ ਦੇ ਐੱਸਐੱਚਓ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਹਾਂ ਧਿਰਾਂ ਵੱਲੋਂ ਕੋਈ ਪੁਲੀਸ ਕਾਰਵਾਈ ਨਹੀਂ ਕੀਤੀ ਜਾ ਰਹੀ।

%d bloggers like this: