ਹਰਿਆਣਾ: ਰੌਲੇ-ਰੱਪੇ ਦੌਰਾਨ ‘ਸੰਪਤੀ ਨੁਕਸਾਨ ਵਸੂਲੀ ਬਿੱਲ-2021’ ਪਾਸ

ਹਰਿਆਣਾ ਸਰਕਾਰ ਦੇ ਬਜਟ ਇਜਲਾਸ ਦੇ ਆਖਰੀ ਦਿਨ ਅੱਜ ਗ੍ਰਹਿ ਮੰਤਰੀ ਅਨਿਲ ਵਿੱਜ ਨੇ ‘ਸੰਪਤੀ ਨੁਕਸਾਨ ਵਸੂਲੀ ਬਿੱਲ-2021’ ਪੇਸ਼ ਕੀਤਾ ਜਿਸ ਦਾ ਮੁੱਖ ਵਿਰੋਧੀ ਧਿਰ ਕਾਂਗਰਸ ਤੇ ਆਜ਼ਾਦ ਵਿਧਾਇਕਾਂ ਨੇ ਵਿਰੋਧ ਕੀਤਾ ਪਰ ਰੌਲੇ-ਰੱਪੇ ਦੌਰਾਨ ਹੀ ਇਹ ਬਿੱਲ ਪਾਸ ਕਰ ਦਿੱਤਾ ਗਿਆ। ਇਸ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਸਦਨ ਵਿੱਚ ‘ਬਿੱਲ ਵਾਪਸ ਲਓ’ ਦੇ ਲਾਏ ਨਾਅਰੇ ਲਗਾਏ। ਇਸ ਬਿੱਲ ਤਹਿਤ ਰੋਸ ਮੁਜ਼ਾਹਰਿਆਂ ਦੌਰਾਨ ਸਰਕਾਰੀ ਜਾਂ ਨਿੱਜੀ ਜਾਇਦਾਦ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਮੁਜ਼ਹਰਾਕਾਰੀਆਂ ਤੋਂ ਕੀਤੀ ਜਾਵੇਗੀ। ਬਿੱਲ ਦਾ ਵਿਰੋਧ ਕਰਦਿਆਂ ਕਾਂਗਰਸੀ ਵਿਧਾਇਕ ਰਣਧੀਰ ਸਿੰਘ ਕਾਦੀਆਂ ਨੇ ਕਿਹਾ ਕਿ ਗੱਠਜੋੜ ਸਰਕਾਰ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਇਹ ਬਿੱਲ ਲਿਆਈ ਹੈ।

ਇਹ ਬਿੱਲ ਸੂਬੇ ਦੇ ਲੋਕਾਂ ਨੂੰ ਵੰਡਣ ਦਾ ਕੰਮ ਕਰੇਗਾ। ਸ੍ਰੀ ਵਿੱਜ ਨੇ ਸਪੱਸ਼ਟ ਕੀਤਾ ਕਿ ਇਸ ਬਿੱਲ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ। ਆਜ਼ਾਦ ਵਿਧਾਇਕ ਸੋਮਵੀਰ ਸਾਂਗਵਾਨ ਨੇ ਕਿਹਾ ਕਿ ਇਸ ਬਿੱਲ ਰਾਹੀਂ ਸੂਬਾ ਸਰਕਾਰ ਵੱਲੋਂ ਸੰਘਰਸ਼ ਦੀ ਹਮਾਇਤ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਕੇ ਦੁਰਵਰਤੋਂ ਕੀਤੀ ਜਾਵੇਗੀ। ਕਾਂਗਰਸੀ ਵਿਧਾਇਕ ਕਿਰਨ ਚੌਧਰੀ, ਜਗਬੀਰ ਮਲਿਕ, ਗੀਤਾ ਭੁੱਕਲ ਨੇ ਵੀ ਇਸ ਬਿੱਲ ਦਾ ਵਿਰੋਧ ਕੀਤਾ। ਬਜਟ ਇਜਲਾਸ ਦੇ ਅਖੀਰਲੇ ਦਿਨ ਪੰਜਾਬ ਲੇਬਰ ਭਲਾਈ ਨਿਧੀ (ਹਰਿਆਣਾ ਸੋਧ) ਬਿੱਲ-2021, ਹਰਿਆਣਾ ਕੰਟੀਜੈਂਸੀ ਨਿਧੀ (ਸੋਧ) ਬਿੱਲ-2021, ਹਰਿਆਣਾ ਪੰਚਾਇਤੀ ਰਾਜ (ਸੋਧ) ਬਿੱਲ-2021, ਹਰਿਆਣਾ ਸੰਖੇਪ ਨਾਂ ਸੋਧ ਬਿੱਲ-2021 ਅਤੇ ਹਰਿਆਣਾ ਵਿਨਿਯੋਗ (ਗਿਣਤੀ-2) ਬਿੱਲ-2021 ਸਰਬਸੰਮਤੀ ਨਾਲ ਪਾਸ ਕੀਤੇ ਗਏ ਹਨ। ਇਸ ਤੋਂ ਇਲਾਵਾ ਹਰਿਆਣਾ ਖੇਡ ਯੂਨੀਵਰਸਿਟੀ ਬਿੱਲ-2021 ’ਚ ਮੁੜ ਸੋਧਾਂ ਲਈ ਚੋਣ ਕਮੇਟੀ ਕੋਲ ਭੇਜਿਆ ਗਿਆ।

%d bloggers like this: