ਪੰਜਾਬ ਵਪਾਰ ਮੰਡਲ ਨੇ ਭਾਰਤ ਬੰਦ ਨੂੰ ਸਫਲ ਬਣਾਉਣ ਦੀ ਜ਼ਿੰਮੇਵਾਰੀ ਲਈ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 26 ਮਾਰਚ ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਪੰਜਾਬ ਦੇ ਵਪਾਰੀਆਂ ਨੇ ਵੀ ਮੋਰਚਾ ਸੰਭਾਲ ਲਿਆ ਹੈ। ਇਸ ਮੋਰਚੇ ਦੀ ਕਮਾਂਡ ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਸੰਭਾਲ ਲਈ ਹੈ। ਵਪਾਰੀਆਂ ਨੇ 26 ਮਾਰਚ ਨੂੰ ਪੰਜਾਬ ਦੇ ਸਮੂਹ ਸ਼ਹਿਰਾਂ ਦੇ ਬਜ਼ਾਰਾਂ ਨੂੰ ਬੰਦ ਰੱਖਣ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ’ਤੇ ਲਈ ਹੈ।

ਸਿੰਘੂ ਬਾਰਡਰ ਦਿੱਲੀ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਬੈਠਕ ’ਚ ਅਜਿਹਾ ਫੈਸਲਾ ਉਲੀਕਿਆ ਗਿਆ ਹੈ। ਇਸ ਬੈਠਕ ’ਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਡਾ. ਦਰਸ਼ਨਪਾਲ ਤੋਂ ਇਲਾਵਾ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਤਰਫੋਂ ਰਾਕੇਸ਼ ਗੁਪਤਾ ਦੀ ਅਗਵਾਈ ਹੇਠ ਸੂਬੇ ਦਾ ਵੱਡਾ ਵਫ਼ਦ ਸ਼ਾਮਲ ਹੋਇਆ। ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਨੂੰ ਭਾਰਤ ਬੰਦ ਕਰਨ ਦਾ ਸੱਦਾ ਦਿੱਤਾ ਹੋਇਆ ਹੈ। ਰੋਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕਿਸਾਨ ਆਗੂਆਂ ਵੱਲੋਂ ਵੱਖ ਵੱਖ ਵਰਗਾਂ ਨਾਲ ਸੰਪਰਕ ਮੁਹਿੰਮ ਸਾਧਿਆ ਹੋਇਆ ਹੈ।

ਇਸ ਕੜੀ ’ਚ ਕਿਸਾਨ ਲੀਡਰਸ਼ਿਪ ਦੀ ਸਿੰਘੂ ਬਾਰਡਰ ਦਿੱਲੀ ’ਚ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਬੈਠਕ ਹੋਈ ਹੈ। ਵਪਾਰ ਮੰਡਲ ਦੀ ਸੁਬਾਈ ਪ੍ਰਤੀਨਿਧਤਾ ਪਟਿਆਲਾ ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਗੁਪਤਾ ਨੇ ਕੀਤੀ ਹੈ। ਦਿੱਲੀ ਤੋਂ ਪਰਤਣ ’ਤੇ ਗੁਪਤਾ ਨੇ ਦੱਸਿਆ ਕਿ ਕਿਸਾਨ ਲੀਡਰਸ਼ਿਪ ਤੇ ਵਪਾਰ ਮੰਡਲ ਦੀ ਬੈਠਕ ’ਚ ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ 26 ਮਾਰਚ ਨੂੰ ਸਫ਼ਲ ਬਣਾਉਣ ਲਈ ਸੂਬੇ ਦੇ ਸਾਰੇ ਸ਼ਹਿਰਾਂ ’ਚ ਬਜ਼ਾਰਾਂ ਨੂੰ ਬੰਦ ਰੱਖਣ ਜਾਂ ਕਰਵਾਉਣ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਦੱਸਿਆ ਕਿ ਆਵਾਜਾਈ ਬੰਦੀ ਦਾ ਪ੍ਰੋਗਰਾਮ ਕਿਸਾਨ ਤੇ ਹੋਰ ਧਿਰਾਂ ਕਰਨਗੀਆਂ ਜਦੋਂਕਿ ਸੂਬੇ ਦੇ ਬਾਜ਼ਾਰਾਂ ਦੀ ਬੰਦੀ ਦਾ ਪ੍ਰੋਗਰਾਮ ਵਪਾਰੀ ਸਿਰੇ ਚੜ੍ਹਾਉਣਗੇ।

ਉਨ੍ਹਾਂ ਦੱਸਿਆ ਕਿ ਸੂਬੇ ਦੇ ਵਪਾਰ ਮੰਡਲ ਨੇ ਕਿਸਾਨ ਲੀਡਰਸ਼ਿਪ ਨੂੰ ਭਰੋਸਾ ਦਿਵਾਇਆ ਹੈ ਕਿ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਵਪਾਰ ਮੰਡਲ ਹਮੇਸ਼ਾਂ ਹਰ ਪ੍ਰੋਗਰਾਮ ’ਚ ਤੱਤਪਰ ਰਹੇਗਾ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਪਿਆਰੇ ਲਾਲ ਅੰਮਿ੍ਰਤਸਰ ਦੀ ਜ਼ਗਾ ਗਏ ਸਨ ਤੇ ਅਗਲੇ ਦਿਨਾਂ ਦੌਰਾਨ ਪਿਆਰੇ ਲਾਲ ਮੰਡਲ ਦੀ ਸੂਬਾ ਪੱਧਰੀ ਬੈਠਕ ਸੱਦ ਕੇ 26 ਮਾਰਚ ਦੇ ਉਲੀਕੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਪਾਰੀ ਆਗੂਆਂ ਦੀਆਂ ਡਿਉਟੀਆਂ ਲਗਾਉਣਗੇ।

%d bloggers like this: