ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਮੁਲਾਜ਼ਮਾਂ ਵੱਲੋਂ ਰੋਸ ਧਰਨਾ

ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ), ਏ ਕਲਾਸ ਆਫੀਸਰਜ਼ ਐਸੋਸੀਏਸ਼ਨ ਤੇ ਬੀ. ਤੇ ਸੀ. ਕਲਾਸ ਐਸੋਸੀਏਸ਼ਨ ਵੱਲੋਂ ਸਾਝੇ ਤੌਰ ’ਤੇ ਅਧਿਆਪਕਾਂ ਤੇ ਕਰਮਚਾਰੀਆਂ ਦੀਆਂ ਲੰਮੇ ਸਮੇਂ ਤੋਂ ਬਕਾਇਆ ਮੰਗਾਂ ਦੇ ਹੱਲ ਲਈ ਅੱਜ ਤੋਂ ਪ੍ਰਬੰਧਕੀ ਬਲਾਕ ਨੰਬਰ 2 ਅੱਗੇ ਅਣਮਿੱਥੇ ਸਮੇਂ ਲਈ ਧਰਨਾ ਆਰੰਭਿਆ ਗਿਆ ਹੈ।

ਪੂਟਾ ਮੀਤ ਪ੍ਰਧਾਨ ਡਾ. ਮਨਿੰਦਰ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਤਰੱਕੀਆਂ ਸਬੰਧੀ ਦਫਤਰੀ ਆਦੇਸ਼ ਜਾਰੀ ਕਰਨ ਵਿੱਚ ਕੀਤੀ ਜਾ ਰਹੀ ਦੇਰੀ ਕਾਰਨ ਅਧਿਆਪਕਾਂ ਅਤੇ ਕਰਮਚਾਰੀਆਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ 105 ਦੇ ਕਰੀਬ ਅਧਿਆਪਕਾਂ, ਬਹੁਤ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਤਰੱਕੀ ਸਬੰਧੀ ਪ੍ਰਕਿਰਿਆ ਨਿਯਮਾਂ ਮੁਤਾਬਿਕ ਮੁਕੰਮਲ ਹੋਣ ਉਪਰੰਤ ਵੀ ਪ੍ਰਸ਼ਾਸਨ ਵੱਲੋਂ ਲੋੜੀਂਦੇ ਦਫਤਰੀ ਆਦੇਸ਼ ਜਾਰੀ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ।

ਇਨ੍ਹਾਂਂ ਅਧਿਆਪਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਤਰੱਕੀ ਸਬੰਧੀ ਨਿਰਧਾਰਤ ਨਿਯਮਾਂ ਅਤੇ ਚੋਣ ਕਮੇਟੀਆਂ ਦੀ ਸਮੁੱਚੀ ਪ੍ਰਕਿਰਿਆ ਮੁਕੰਮਲ ਹੋਇਆਂ ਚਾਰ ਮਹੀਨੇ ਤੋਂ ਜ਼ਿਆਦਾ ਸਮਾਂ ਹੋਣ ਉਪਰੰਤ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ ਤੇ ਗੈਰ ਸੰਵਿਧਾਨਕ ਸ਼ਰਤਾਂ ਥੋਪੀਆਂ ਜਾ ਰਹੀਆਂ ਹਨ। ਅਜਿਹੀਆਂ ਗੈਰ-ਸੰਵਿਧਾਨਿਕ ਸ਼ਰਤਾਂ ਯੂਜੀਸੀ ਤੇ ਚੋਣ ਕਮੇਟੀਆਂ ਦੀ ਕਾਰਵਾਈ ਦੀ ਸਰਾਸਰ ਅਵੱਗਿਆ ਹੈ। ਇਨ੍ਹਾਂ ਸ਼ਰਤਾਂ ਰਾਹੀਂ ਵਰਤਮਾਨ ਤੇ ਭਵਿੱਖ ਵਿੱਚ ਅਧਿਆਪਕਾਂ ਦੀਆਂ ਤਰੱਕੀਆਂ ਨੂੰ ਰੋਕਣ ਦੀ ਕੋਝੀ ਚਾਲ ਚੱਲ ਜਾ ਰਹੀ ਹੈ। ਇਸ ਮੌਕੇ ਏ ਕਲਾਸ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਬੱਬੀ ਨੇ ਕਿਹਾ ਕਿ ਯੂਨੀਵਰਸਿਟੀ ਦੇ ਬਹੁਤ ਸਾਰੇ ਆਫੀਸਰਜ਼ ਆਪਣੀ ਬਣਦੀ ਤਰੱਕੀ ਸਬੰਧੀ ਬਣਦੇ ਪੱਤਰ ਜਾਰੀ ਹੋਣ ਵਿਚਲੀ ਦੇਰੀ ਕਾਰਨ ਤਰੱਕੀ ਤੋਂ ਬਿਨਾਂ ਹੀ ਰਿਟਾਇਰ ਹੋ ਚੁੱਕੇ ਹਨ।

ਬੀ. ਤੇ ਸੀ ਕਰਮਚਾਰੀ ਸੰਘ ਦੇ ਪ੍ਰਧਾਨ ਸ਼ਪਿੰਦਰ ਪਾਲ ਸਿੰਘ ਤੇ ਜਨਰਲ ਸਕੱਤਰ ਜਗਤਾਰ ਸਿੰਘ ਨੇ ਗਿਲਾ ਕੀਤਾ ਕਿ ਵਰਕਚਾਰਜ਼ ਤੇ ਐਡਹਾਕ ਕਰਮਚਾਰੀਆਂ ਦੀਆਂ ਸੇਵਾਵਾਂ ਵਿੱਚ ਵਾਈਸ-ਚਾਂਸਲਰ ਵੱਲੋਂ ਵਾਧਾ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਐਡਹਾਕ ਕਰਮਚਾਰੀਆਂ ਨੁੰ ਪਿਛਲੇ ਛੇ ਮਹਿਨਿਆਂ ਤੋਂ ਤਨਖਾਹ ਨਹੀਂ ਮਿਲੀ ਜਿਸ ਕਾਰਨ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੋ ਰਿਹਾ ਹੈ। ਮੁਲਾਜ਼ਮਾਂ ਦੇ ਵੱਖ ਵੱਖ ਵਰਗ ਆਪਣੀ ਸਮੇਂ ਸਿਰ ਬਣਦੀ ਤਰੱਕੀ ਲਈ ਬੜੇ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਪੂਟਾ ਸਕੱਤਰ ਡਾ. ਅਵਨੀਤ ਪਾਲ ਸਿੰਘ ਨੇ ਆਖਿਆ ਕਿ ਵਿੱਢੇ ਸੰਘਰਸ਼ ਨੂੰ ਮੰਗਾਂ ਦੀ ਪੂਰਤੀ ਹੋਣ ਤੱਕ ਜਾਰੀ ਰੱਖਿਆ ਜਾਏਗਾ। ਇਸ ਮੌਕੇ ਯੂਨੀਵਰਸਿਟੀ ਪ੍ਰਸ਼ਾਸ਼ਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ।

%d bloggers like this: