Breaking News

ਚਮਕੀਲੇ ਨੂੰ ਪੰਜਾਬ ਦਾ ਸਭ ਤੋਂ ਵੱਡਾ ਆਈਕੌਨ ਗਾਇਕ ਜਾਂ ਦਲਿਤ ਆਈਕੌਨ ਵਜੋਂ ਸਥਾਪਿਤ ਕਰਨ ਦੇ ਏਜੰਡੇ ਦੀਆਂ ਕਈ ਪਰਤਾਂ ਨੇ।

ਭੋਜਪੁਰੀ ਗਾਣਿਆ ਅਤੇ ਫਿਲਮਾਂ ਵਿੱਚ ਅਸ਼ਲੀਲਤਾ ਭੋਜਪੁਰੀ ਭਾਸ਼ਾਈ ਲੋਕਾਂ ਵਿੱਚ ਇੱਕ ਵੱਡਾ ਚਰਚਿਤ ਵਿਸ਼ਾ ਹੈ। ਪੱਤਰਕਾਰ ਰਵੀਸ਼ ਕੁਮਾਰ ਸਮੇਤ ਹਿੰਦੀ ਬੈਲਟ ਕਹੇ ਜਾਂਦੇ ਖੇਤਰ ਦੇ ਕਈ ਵੱਡੇ ਟਿੱਪਣੀਕਾਰ ਤੇ ਸੱਭਿਆਚਾਰਕ ਕਾਰਕੁਨ ਭੋਜਪੁਰੀ ਗਾਣਿਆਂ ਵਿੱਚ ਇਸ ਅਸ਼ਲੀਲਤਾ ਖਿਲਾਫ ਖੁੱਲ ਕੇ ਗੱਲ ਕਰ ਚੁੱਕੇ ਨੇ ਤੇ ਕਰ ਰਹੇ ਨੇ।

ਬਿਹਾਰੀ ਮੂਲ ਦੀ ਗਾਇਕਾ ਤੇ ਸੱਭਿਆਚਾਰਕ ਕਾਰਕੁਨ ਨੇਹਾ ਸਿੰਘ ਰਠੌਰ ਨੇ ਭੋਜਪੁਰੀ ਗਾਣਿਆਂ ਵਿਚਲੀ ਅਸ਼ਲੀਲਤਾ ਖਿਲਾਫ ਬਕਾਇਦਾ ਇੱਕ ਮੁਹਿੰਮ ਚਲਾਈ ਹੋਈ ਹੈ।। ਉਸਨੂੰ ਹਿੰਦੂਤਵੀਆਂ ਵੱਲੋਂ ਬਹੁਤ ਘਟੀਆ ਟਰੋਲਿੰਗ ਵੀ ਝੱਲਣੀ ਪਈ ਰਹੀ ਹੈ।

ਇਨ੍ਹਾਂ ਚੋਣਾਂ ਦੌਰਾਨ ਜਦੋਂ ਭਾਜਪਾ ਨੇ ਮਨੋਜ ਤਿਵਾੜੀ ਸਮੇਤ ਕੁਝ ਹੋਰ ਭੋਜਪੁਰੀ ਕਲਾਕਾਰਾਂ ਨੂੰ ਉਮੀਦਵਾਰ ਬਣਾਇਆ ਹੈ ਤਾਂ ਉਨ੍ਹਾਂ ਦੇ ਅਸ਼ਲੀਲ ਕਿਸਮ ਦੇ ਗਾਣਿਆਂ ਨੂੰ ਵਿਰੋਧੀ ਪਾਰਟੀਆਂ ਨੇ ਵੱਡਾ ਮੁੱਦਾ ਬਣਾਇਆ ਹੋਇਆ ਹੈ।। ਤਿਵਾੜੀ ਖਿਲਾਫ ਇਸ ਵਾਰ ਕਾਂਗਰਸ ਨੇ ਕਨਈਆ ਕੁਮਾਰ ਨੂੰ ਖੜਾ ਕੀਤਾ ਹੈ ਤਾਂ ਉਹ ਵੀ ਇਸ ਨੂੰ ਮੁੱਦਾ ਬਣਾ ਰਿਹਾ ਹੈ।

ਜਦੋਂ ਭੋਜਪੁਰੀ ਭਾਸ਼ਾਈ ਖਿੱਤੇ ਦੇ ਬਹੁਤੇ ਉੱਚ ਜਾਤੀ ਉੱਚ ਤੇ ਮੱਧ ਵਰਗ ਦੇ ਲੋਕ ਪੂਰੀ ਤਰ੍ਹਾਂ ਹਿੰਦੀ ਭਾਸ਼ਾਈ ਬਣ ਚੁੱਕੇ ਨੇ ਤਾਂ ਭੋਜਪੁਰੀ ਫਿਲਮਾਂ ਤੇ ਗੀਤਾਂ ਦੀ ਬਹੁਤੀ ਵੱਡੀ ਮਾਰਕੀਟ ਅਖੌਤੀ ਨੀਵੀਆਂ ਜਾਤੀਆਂ ਵਿੱਚੋਂ ਆਉਂਦੀ ਹੈ, ਜਿਹੜੀ ਆਰਥਿਕ ਤੌਰ ‘ਤੇ ਵੀ ਪਛੜੀ ਹੋਈ ਹੈ।

ਜਦੋਂ ਭੋਜਪੁਰੀ ਨੂੰ ਪਿਆਰ ਕਰਨ ਵਾਲੇ ਸਿਆਣੇ ਲੋਕ ਇਸ ਦੇ ਗਾਣਿਆਂ ਵਿਚਲੀ ਅਸ਼ਲੀਲਤਾ ਖਿਲਾਫ ਅੰਦੋਲਨ ਚਲਾ ਰਹੇ ਨੇ ਤਾਂ ਉਸ ਵੇਲੇ ਅਮਰ ਸਿੰਘ ਚਮਕੀਲੇ ਨੂੰ ਪੰਜਾਬੀ ਗਾਇਕੀ ਦਾ ਸੁਪਰ ਸਟਾਰ ਵੀ ਦੱਸਿਆ ਜਾ ਰਿਹਾ ਹੈ ਤੇ ਉਸ ਨੂੰ ਦਲਿਤ ਆਈਕੌਨ ਵਜੋਂ ਵੀ ਸਥਾਪਿਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।। ਉਸ ਨੂੰ ਦਲਿਤ ਆਈਕੌਨ ਬਣਾਉਣ ਦਾ ਕੰਮ ਹਿੰਦੀ ਖੇਤਰ ਦੇ ਹੀ ਬਹੁਤੇ ਅੰਬੇਦਕਰੀ ਕਰ ਰਹੇ ਨੇ।

ਕੀ ਕਾਰਨ ਹੈ ਕਿ ਪੰਜਾਬ ਦੇ ਅਖੌਤੀ ਨੀਵੀਆਂ ਜਾਤਾਂ ਵਿੱਚੋਂ ਆਉਣ ਵਾਲੇ ਪੰਜਾਬ ਦੇ ਕਈ ਹੋਰ ਵੱਡੇ ਤੇ ਬੇਹੱਦ ਕਾਮਯਾਬ ਗਾਇਕਾਂ ਨੂੰ ਛੱਡ ਕੇ ਚਮਕੀਲੇ ਨੂੰ ਸਾਰੇ ਪੰਜਾਬ ਦਾ ਆਇਕੌਨ ਤੇ ਖਾਸ ਕਰਕੇ ਦਲਿਤ ਆਈਕੌਨ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ?

ਅਸਲ ‘ਚ ਤਾਂ ਸਿਆਣੇ ਅਤੇ ਸੁਹਿਰਦ ਦਲਿਤ ਕਾਰਕੁੰਨਾਂ ਅਤੇ ਅੰਬੇਦਕਰੀਆਂ ਨੂੰ ਇਸ ਗੱਲ ‘ਤੇ ਚਿੰਤਤ ਹੋਣਾ ਚਾਹੀਦਾ ਹੈ ਪਰ ਕਈ ਅਸਲੀ-ਨਕਲੀ ਅੰਬੇਦਕਰੀ ਨਾ ਸਿਰਫ ਉਸਦੇ ਕਤਲ ਦਾ ਕਾਰਨ ਜਾਤ ਪ੍ਰਚਾਰਕੇ ਇਕ ਝੂਠਾ ਤੇ ਪਾੜਾ ਪਾਊ ਬਿਰਤਾਂਤ ਸਥਾਪਤ ਕਰ ਰਹੇ ਨੇ, ਇਸਤੋਂ ਵੀ ਅੱਗੇ ਜਾਂਦਿਆਂ ਉਹ ਚਮਕੀਲੇ ਨੂੰ ਦਲਿਤ ਆਈਕੌਨ ਵਜੋਂ ਸਥਾਪਿਤ ਕਰਨ ਦੀ ਮੁਹਿੰਮ ਦਾ ਹਿੱਸਾ ਵੀ ਬਣ ਰਹੇ ਨੇ।

ਪੱਖਪਾਤੀ, ਜਾਤੀਵਾਦੀ ਤੇ ਫਿਰਕੂ ਸੋਚ ਨਾਲ ਭਰੇ ਇਨ੍ਹਾਂ ਬੰਦਿਆਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਜਦੋਂ ਕੁਝ ਵਕਤ ਤੱਕ ਚਮਕੀਲਾ ਪੰਜਾਬ ਦੇ ਦਲਿਤ ਆਈਕੌਨ ਵਜੋਂ ਸਥਾਪਿਤ ਹੋ ਗਿਆ ਤਾਂ ਉਸ ਦੇ ਗੀਤਾਂ ਨੂੰ ਹੀ ਵਰਤ ਕੇ ਉਨ੍ਹਾਂ ਦਾ ਜਲੂਸ ਕੱਢਿਆ ਜਾਏਗਾ ਕਿ ਦਲਿਤ ਕਿਹੋ ਜਿਹਾ ਗਾਉਣ ਵਾਲੇ ਨੂੰ ਆਪਣਾ ਆਈਕੌਨ ਮੰਨਦੇ ਨੇ।

ਦਿਲਚਸਪ ਗੱਲ ਹੈ ਕਿ ਇਹ ਸਾਰਾ ਕੁਝ ਉਦੋਂ ਹੋ ਰਿਹਾ ਹੈ ਜਦੋਂ ਭੋਜਪੁਰੀ ਮਿਊਜਿਕ ਇੰਡਸਟਰੀ ਦੇ ਚਮਕੀਲਿਆਂ ਖਿਲਾਫ ਮੁਹਿੰਮ ਚੱਲ ਰਹੀ ਹੈ।

ਅਸੀਂ ਇੱਕ ਵਾਰ ਫਿਰ ਦੋਹਰਾ ਰਹੇ ਹਾਂ ਕਿ ਚਮਕੀਲਾ ਕਿਸੇ ਨੂੰ ਚੰਗਾ ਲੱਗ ਸਕਦਾ ਹੈ ਕਿਸੇ ਕਿਸੇ ਨੂੰ ਮਾੜਾ। ਜੋ ਉਹ ਗਾ ਰਿਹਾ ਸੀ ਉਸ ਨੂੰ ਬੇਹੱਦ ਮਾੜਾ ਮੰਨਦਿਆਂ ਵੀ ਉਸਦੇ ਗੀਤ ਦੀ ਆਲੋਚਨਾ ਹੋ ਸਕਦੀ ਹੈ। ਪਰ ਉਸ ਦੇ ਕਤਲ ਦਾ ਕਾਰਨ ਜਾਤ ਨਹੀਂ ਸੀ।

ਚਮਕੀਲੇ ਨੂੰ ਪੰਜਾਬ ਦਾ ਸਭ ਤੋਂ ਵੱਡਾ ਆਈਕੌਨ ਗਾਇਕ ਜਾਂ ਦਲਿਤ ਆਈਕੌਨ ਵਜੋਂ ਸਥਾਪਿਤ ਕਰਨ ਦੇ ਏਜੰਡੇ ਦੀਆਂ ਕਈ ਪਰਤਾਂ ਨੇ।

#Unpopular_Opinions
#Unpopular_Ideas
#Unpopular_Facts